ਪਿਛਲੇ ਦਿਨੀਂ ਪਰਥ ‘ਚ ਵਾਸਟੋ ਕਲੱਬ ਬਲਕਟਾ ਵਿਖੇ ਪੰਜਾਬੀ ਗਾਇਕ ਸ਼ੈਰੀ ਮਾਨ, ਜਸ ਬਾਜਵਾ, ਤਰਸੇਮ ਜੱਸੜ, ਨਾਭਾ ਪ੍ਰੋਡਕਸ਼ਨ ਟੀਮ ਅਤੇ ਮੇਲਾ ਪ੍ਰਬੰਧਕਾਂ ਨੇ ਬਰਟਰਾਮ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ। ਜਿਹੜਾ ਦਿਨ ਐਤਵਾਰ 16 ਅਕਤੂਬਰ ਦੁਪਹਿਰ 12 ਵਜੇ ਤੋਂ ਸ਼ਾਮ ਤੱਕ ਕਰਵਾਇਆ ਜਾ ਰਿਹਾ। ਇਹ ਖੇਡ ਮੇਲਾ ਬਰਟਰਾਮ ਪ੍ਰਾਇਮਰੀ ਸਕੂਲ ਗਰਾਊਂਡ ਵਿੱਚ ਹੋਵੇਗਾ।
ਇਸ ਖੇਡ ਮੇਲੇ ਵਿੱਚ ਰਵਾਇਤੀ ਪੰਜਾਬੀ ਪੇਂਡੂ ਖੇਡਾਂ ਕਬੱਡੀ, ਰੱਸਾ-ਕਸੀ, ਵਾਲੀਬਾਲ, ਤਾਸ-ਸੀਪ ਅਤੇ ਬੱਚਿਆਂ ਦੀਆ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਸਭਿਆਚਾਰਕ ਗਤੀਵਿਧੀਆਂ ਵਜੋਂ ਗਿੱਧਾ, ਭੰਗੜਾ, ਸੋਲੋ ਅਤੇ ਡੀਜੇ ਪਰਫਾਰਮੈਂਸ ਹੋਣਗੀਆਂ। ਮੇਲੇ ਵਿੱਚ ਸ਼ਰਾਬ ਦੀ ਪੂਰਨ ਰੂਪ ਵਿੱਚ ਮਨਾਹੀ ਹੋਵੇਗੀ ਅਤੇ ਸਮੂਹ ਦਰਸ਼ਕਾਂ ਲਈ ਦਾਖਲਾ ਫਰੀ ਹੋਵੇਗਾ। ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਦਰਸ਼ਕਾਂ ਲਈ ਫੂਡ ਸਟਾਲਾਂ ਲੱਗਣਗੀਆਂ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਥਾਨਿਕ ਵਿਧਾਇਕ ਤੇ ਕੌਂਸਲਰ ਹਾਜ਼ਰੀ ਲਵਾਉਣਗੇ। ਇਸ ਮੌਕੇ ਕਲੱਬ ਪ੍ਰਬੰਧਕ ਜੱਗਾ ਚੌਹਾਨ, ਹਰਮੰਦਰ ਕੰਗ, ਸੰਦੀਪ ਗਿੱਲ, ਮਨਦੀਪ ਸਿੰਘ, ਜਸਪ੍ਰੀਤ ਧਾਲੀਵਾਲ ਅਤੇ ਮਨਪ੍ਰੀਤ ਜੌਹਲ ਆਦਿ ਹਾਜ਼ਰ ਸਨ।
