ਬੀਤੇ ਹਫ਼ਤੇ ਮਨਮੀਤ ਅਲੀਸ਼ੇਰ ਨਾਲੇ ਵਾਪਰੇ ਦੁਖਾਂਤ ਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਗੈਰ ਮਨੁੱਖੀ ਵਰਤਾਰੇ ਦੀ ਜਿੱਥੇ ਸੰਸਾਰ ਭਰ ‘ਚ ਨਿੰਦਾ ਹੋ ਰਹੀ ਹੈ ਉੱਥੇ ਮਨਮੀਤ ਲਈ ਹਰ ਅੱਖ ਨਮ ਹੈ। ਆਸਟ੍ਰੇਲੀਆ ਭਰ ‘ਚ ਥਾਂ-ਥਾਂ ਸ਼ੋਕ ਸਭਾਵਾਂ ਹੋ ਰਹੀਆਂ ਹਨ। ਜਿਨ੍ਹਾਂ ਤਹਿਤ ਅੱਜ ਐਡੀਲੇਡ ਸਿਟੀ ਦੇ ਵਿਕਟੋਰੀਆ ਸਕੇਰ ਵਿਖੇ ਸਾਊਥ ਆਸਟ੍ਰੇਲੀਆ ਦੇ ਉੱਘੇ ਆਰਟਿਸਟ ਅਤੇ ਸਮਾਜਸੇਵੀ ਡੈਨੀਅਲ ਕੋਨਲ ਦੇ ਯਤਨਾਂ ਸਦਕਾ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਮਨਮੀਤ ਪ੍ਰਤੀ ਆਪਣੀ ਹਮਦਰਦੀ ਅਤੇ ਗੈਰ ਮਨੁੱਖੀ ਵਰਤਾਰੇ ਪ੍ਰਤੀ ਰੋਸ ਜ਼ਹਿਰ ਕੀਤਾ। ਇਸ ਮੌਕੇ ਤੇ ਬੋਲਣ ਵਾਲੇ ਬੁਲਾਰਿਆਂ ਵਿਚ ਮਲਟੀ ਕਲਚਰ ਮੰਤਰੀ ਮਾਨਯੋਗ ਜੋਈ ਬੈਟੀਸਨ, ਰੱਸਲ ਵਾਟਲੇ ਪ੍ਰੈਜ਼ੀਡੈਂਟ ਅੱਪਰ ਹਾਊਸ, ਟਰਾਂਸਪੋਰਟ ਮੰਤਰੀ ਸਟੀਵ ਮੁੱਲਿਗਾਨ, ਐਡੀਲੇਡ ਦੇ ਲਾਰਡ ਮੇਅਰ ਮਾਰਟਿਨ ਹੀਜ਼, ਮੈਂਬਰ ਪਾਰਲੀਮੈਂਟ ਤੁੰਗ ਨਗੋ, ਸਟੀਵ ਜੋਰਜੀਅਨ (ਫੈਡਰਲ ਮੈਂਬਰ ਪਾਰਲੀਮੈਂਟ), ਜਿੰਗ ਲੀ(ਐੱਮ.ਐੱਲ.ਸੀ.), ਸਰਹਾ ਯੰਗ (ਦ ਗ੍ਰੀਨਜ਼), ਸੈਨੇਟਰ ਐਲਕਸ ਫੇਡ, ਟਰਾਂਸਪੋਰਟ ਵਰਕਰ ਯੂਨੀਅਨ ਤੋਂ ਈਅਨ ਸਮਿੱਥ, ਮਿੰਟੂ ਬਰਾੜ ਅਮਰੀਕ ਸਿੰਘ ਥਾਂਦੀ ਆਪਣੇ ਆਪਣੇ ਸ਼ਬਦਾਂ ‘ਚ ਇਸ ਘਿਣਾਉਣੇ ਵਰਤਾਰੇ ਤੇ ਅਫ਼ਸੋਸ ਜ਼ਹਿਰ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿਚ ਜਿੱਥੇ ਬਹੁਪੱਖੀ ਲੋਕ ਵੱਸਦੇ ਹਨ ਇਹੋ ਜਿਹੇ ਮਾੜੇ ਵਰਤਾਰੇ ਲਈ ਕੋਈ ਥਾਂ ਨਹੀਂ। ਇਸ ਮੌਕੇ ਤੇ ਮਨਮੀਤ ਨੂੰ ਯਾਦ ਕਰਦਿਆਂ ਕੁਝ ਸ਼ਖ਼ਸੀਅਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਆਉਂਦਾ ਕਿ ਪਿਛਲੇ ਹਫ਼ਤੇ ਜਿਸ ਨੌਜਵਾਨ ਨੂੰ ਅਸੀਂ ਸਟੇਜ ਉੱਤੇ ਗਾਉਂਦਾ ਸੁਣਿਆ ਤੇ ਭਾਵੇਂ ਉਸ ਦੇ ਬੋਲ ਸਾਡੀ ਸਮਝ ਤੋਂ ਬਾਹਰ ਸਨ ਪਰ ਫੇਰ ਵੀ ਲੋਕਾਂ ਦੀਆਂ ਤਾੜੀਆਂ ਤੋਂ ਅਸੀਂ ਉਸ ਦੇ ਬਾਰੇ ਚ ਅੰਦਾਜ਼ੇ ਲਾ ਰਹੇ ਸੀ ਕਿ ਇਹ ਨੌਜਵਾਨ ਕੁਝ ਚੰਗਾ ਹੀ ਗਾ ਰਿਹਾ ਹੈ। ਇਹਨਾਂ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਦੇ ਮਾਨਯੋਗ ਗਵਰਨਰ ਹੁਏ ਵੈਨ ਲੀ ਅਤੇ ਸੈਨੇਟਰ ਪੈਨੀ ਵੌਂਗ ਵੱਲੋਂ ਨਾ ਪਹੁੰਚਣ ਕਰਨ ਆਪਣਾ ਮਾਫ਼ੀਨਾਮਾ ਭੇਜਿਆ। ਐਡੀਲੇਡ ਦਾ ਹਰ ਇਕ ਇਨਸਾਨ ਹੈਰਾਨ ਸੀ ਤੇ ਇਕ ਦੂਜੇ ਨਾਲ ਖ਼ਾਸ ਤੌਰ ਤੇ ਇਹ ਗੱਲ ਕਰਦਾ ਸੁਣਾਈ ਦਿੱਤਾ ਕਿ ਯਕੀਨ ਨਹੀਂ ਆਉਂਦਾ ਕਿ ਪਿਛਲੇ ਹਫ਼ਤੇ ਜਿਸ ਮੁੰਡੇ ਨਾਲ ਅਸੀਂ ਜਸ਼ਨ ਮਨਾ ਰਹੇ ਸੀ ਇਸ ਹਫ਼ਤੇ ਉਸ ਲਈ ਸ਼ੋਕ ਮਨਾ ਰਹੇ ਹਾਂ! ਇਸ ਮੌਕੇ ਤੇ ਗਿਆਨੀ ਹਰਦੇਵ ਸਿੰਘ ਵੱਲੋਂ ਸ਼ੋਕ ਮਈ ਕੀਰਤਨ ਕੀਤਾ ਗਿਆ ਅਤੇ ਵਿੱਛੜੀ ਰੂਹ ਲਈ ਅਰਦਾਸ ਕੀਤੀ ਗਈ।
ਲੇਖਕ - ਮਿੰਟੂ ਬਰਾੜ
ਸਰੋਤ - ਪੰਜਾਬੀ ਅਖਬਾਰ


No comments:
Post a Comment