ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਮਜਬੂਰ ਨਾ ਕਰੋ, ਆਪ ਪੁਸਤਕਾਂ ਪੜ੍ਹੋ ਅਤੇ ਬੱਚਿਆਂ ਦੀ ਹਾਜ਼ਰੀ ਵਿਚ ਪੁਸਤਕਾਂ ਦੀ ਸਿਫਤ ਕਰੋ, ਉਹ ਪੁਸਤਕਾਂ ਲੱਭ- ਲੱਭ ਕੇ ਪੜ੍ਹਨਗੇ। ਜਿਨ੍ਹਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ, ਉਨ੍ਹਾਂ ਵਿਚ ਕੋਈ ਪਛਾਣਨਯੋਗ ਯੋਗਤਾ ਵੀ ਨਹੀਂ ਉਸਰਦੀ। ਪੁਸਤਕਾਂ ਸਾਡੇ ਵਿਚ ਜ਼ਿੰਮੇਵਾਰੀ ਦੀ ਭਾਵਨਾ ਸਿਰਜਦੀਆਂ ਹਨ, ਇਹ ਸਰਬੱਤ ਦਾ ਭਲਾ ਸੋਚਣਾ ਸਿਖਾਉਂਦੀਆਂ ਹਨ। ਤਹਾਨੂੰ ਮਹੱਤਵ ਉਦੋਂ ਹੀ ਮਿਲੇਗਾ, ਜਦੋਂ ਕੋਈ ਜ਼ਿੰਮੇਵਾਰੀ ਮਿਲੇਗੀ। ਜੇ ਜ਼ਿੰਮੇਵਾਰੀ ਨਹੀਂ ਮਿਲ ਰਹੀ ਤਾਂ ਆਪ ਹੀ ਕੋਈ ਜ਼ਿੰਮੇਵਾਰੀ ਲੈ ਲਵੋ। ਬੱਚਿਆਂ ਨੂੰ ਜਿਤਨੀਆਂ ਮਰਜ਼ੀ ਆਦਤਾਂ ਸਿਖਾਉਣ ਦੀ ਯਤਨ ਕਰੋ, ਉਹ ਕਰਨਗੇ ਉਵੇਂ ਹੀ ਜਿਵੇਂ ਉਨ੍ਹਾਂ ਦੇ ਮਾਪੇ ਕਰਦੇ ਹਨ। ਚੰਗੀਆਂ ਉਦਾਹਰਨਾਂ ਨਾਲ ਬੱਚਿਆਂ ਨੂੰ ਆਸ਼ਾਵਾਦੀ ਬਣਓ, ਉਨ੍ਹਾਂ ਵਿਚ ਜ਼ਿੰਦਗੀ ਦੀ ਹਾਂ ਭਰੋ ਨਹੀਂ ਤਾਂ ਉਹ ਨਿਰਾਸ਼ਾਵਾਦੀ ਹੋ ਨਿਬੜਨਗੇ। ਜ਼ਿੰਦਗੀ ਦੀ ਇਕ ਹੋਰ ਝਾਕੀ ਵਿਚ ਇਕ ਹਾਦਸੇ ਵਿਚ ਕਈ ਵਿਆਕਤੀ ਫੱਟੜ ਹੋ ਗਏ ਸਨ। ਜਿਸ ਨੂੰ ਸਭ ਤੋਂ ਵੱਧ ਸੱਟਾਂ ਲੱਗੀਆਂ ਸਨ , ਉਹ ਬਾਕੀਆਂ ਨੂੰ ਕਹਿ ਰਿਹਾ ਸੀ : ਘਬਰਾਓ ਨਾ, ਆਪਾਂ ਸਭ ਠੀਕ ਹੋ ਜਾਵਾਂਗੇ। ਆਸ਼ਾਵਾਦੀ ਉਸ ਰੌਸ਼ਨੀ ਨੂੰ ਵੀ ਵੇਖ ਲੈਂਦਾ ਹੈ , ਜਿਹੜੀ ਉਥੇ ਹੁੰਦੀ ਹੀ ਨਹੀਂ। ਜਿਨ੍ਹਾਂ ਨੂੰ ਕੁਝ ਕਰਨ ਦਾ ਚਾਅ ਹੁੰਦਾ ਹੈ, ਉਹ ਜਿਹੜਾ ਵੀ ਅਵਸਰ ਮਿਲੇ , ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਹਨ। ਅਵਸਰ ਮਾਣਨ ਵਾਸਤੇ ਸਵੇਰੇ ਜਲਦੀ ਉਠਣਾ ਪਵੇਗਾ। ਜੋ ਸਵੇਰੇ ਜਲਦੀ ਉਠਣਗੇ ਉਨ੍ਹਾਂ ਦੀ ਸੋਚ ਹਾਂ ਪੱਖੀ ਹੋ ਜਾਵੇਗੀ। ਜੀਵਨ ਵਿਚ ਦ੍ਰਿੜ ਇਰਾਦੇ ਤੋਂ ਬਿਨਾਂ ਸਫਲਤਾ ਦੀ ਆਸ ਨਹੀਂ ਕਰਨੀ ਚਾਹੀਦੀ ।
॥ ਨਰਿੰਦਰ ਸਿੰਘ ਕਪੂਰ ॥
No comments:
Post a Comment