Friday, 6 May 2016

ਕਿਤਾਬਾਂ
ਭਗਤ ਸਿੰਘ ਨੂੰ ਫਾਂਸੀ
ਭਾਗ ਦੂਜਾ
ਸੰਪਾਦਕ : ਮਲਵਿੰਦਰ ਜੀਤ ਸਿੰਘ ਵੜੈਚ
ਅਨੁਵਾਦਕ : ਸਰਬਜੀਤ ਸਿੰਘ ਵਿਰਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 360
ਸੰਪਰਕ : 0172-2556314.
ਪੰਜਾਬ ਦਾ ਪੁੱਤਰ ਮਹਿਜ਼ 23 ਸਾਢੇ 23 ਸਾਲ ਦੀ ਉਮਰੇ ਫਾਂਸੀ ਦਾ ਰੱਸਾ ਚੁੰਮ ਕੇ ਪੰਜਾਬ ਹੀ ਨਹੀਂ, ਦੇਸ਼ ਭਰ ਦੇ ਨੌਜਵਾਨ ਵਰਗ ਦਾ ਨਾਇਕ ਬਣ ਚੁੱਕਾ ਹੈ। ਭਾਰਤੀ ਦੰਡ ਵਿਧਾਨ ਦੀ ਧਾਰਾ 121 ਅਧੀਨ ਉਸ ਨੂੰ ਰਾਜਗੁਰੂ ਤੇ ਸੁਖਦੇਵ ਨਾਲ ਫਾਂਸੀ ਦਾ ਹੁਕਮ 7 ਅਕਤੂਬਰ, 1930 ਨੂੰ ਜੀ.ਸੀ. ਹਿਲਟਨ, ਅਬਦੁਲ ਕਾਦਰ ਤੇ ਜੇ.ਕੇ. ਤੱਪ ਦੇ ਦਸਤਖ਼ਤਾਂ ਹੇਠ ਸੁਣਾਇਆ ਗਿਆ। ਉਨ੍ਹਾਂ ਦੇ ਕੁਝ ਸਾਥੀਆਂ ਨੂੰ ਉਮਰ ਕੈਦ ਜਾਂ ਵੱਖ-ਵੱਖ ਸਮੇਂ ਲਈ ਕੈਦ ਬਾਮੁਸ਼ੱਕਤ ਹੋਈ ਤੇ ਕੁਝ ਬਰੀ ਹੋਏ। ਇਸ ਹੁਕਮ ਦੀ ਮੂਲ ਕਾਪੀ ਦਾ ਅਨੁਵਾਦ ਤੇ ਉਹ ਤਖ਼ਤਾ, ਜਿਸ ਉੱਤੇ ਇਨ੍ਹਾਂ ਨੂੰ ਫਾਂਸੀ ਲਾਇਆ ਗਿਆ, ਅਸਾਧਾਰਨ ਜਗਿਆਸਾ ਵਾਲੇ ਹਨ। ਵਿਚਾਰ ਅਧੀਨ ਪੁਸਤਕ ਵਿਚ ਇਹ ਹੁਕਮ ਵੀ ਵੇਖਿਆ ਜਾ ਸਕਦਾ ਹੈ ਤੇ ਫਾਂਸੀ ਦਾ ਇਤਿਹਾਸਕ ਤਖ਼ਤਾ ਵੀ। ਇਹ ਹੀ ਨਹੀਂ, 5 ਮਈ, 1930 ਤੋਂ 26 ਅਗਸਤ 30 ਤੱਕ ਇਨ੍ਹਾਂ ਬੀਰਾਂ ਉੱਤੇ ਚੱਲੇ ਮੁਕੱਦਮੇ ਵਿਚ ਭੁਗਤਾਈਆਂ ਗਈਆਂ 457 ਗਵਾਹੀਆਂ ਵੀ ਪੜ੍ਹੀਆਂ ਜਾ ਸਕਦੀਆਂ ਹਨ।
ਬਾਰੀਕੀ ਤੇ ਵਿਸਤਾਰ ਨਾਲ ਕੀਤੀ ਇਸ ਖੋਜ ਉਪਰੰਤ ਇਸ ਸਮੱਗਰੀ ਨੂੰ ਅੰਗਰੇਜ਼ੀ ਵਿਚ ਸੰਕਲਿਤ ਤੇ ਸੰਪਾਦਕ ਕਰਨ ਦਾ ਬਿਖਮ ਕਾਰਜ ਕੀਤਾ ਹੈ ਮਲਵਿੰਦਰ ਜੀਤ ਸਿੰਘ ਵੜੈਚ ਨੇ। ਉਹ ਸਿਰੜ ਤੇ ਸਿਦਕ ਨਾਲ ਇਸ ਕਿਸਮ ਦੇ ਕਾਰਜਾਂ ਨੂੰ ਲੰਬੇ ਸਮੇਂ ਤੋਂ ਸਮਰਪਿਤ ਹੋਣ ਕਰਕੇ ਪੰਜਾਬ ਹੀ ਨਹੀਂ, ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਪਛਾਣ ਬਣਾ ਚੁੱਕਾ ਹੈ। ਪੰਜਾਬੀ ਵਿਚ ਉਸ ਦੀ ਇਸ ਵੱਡ-ਆਕਾਰੀ ਪੁਸਤਕ ਦਾ ਅਨੁਵਾਦ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਕੀਤਾ ਹੈ। ਉਹ ਵੀ ਸਾਹਿਤਕ ਸਮਾਜ ਸੇਵੀ ਗਤੀਵਿਧੀਆਂ ਕਾਰਨ ਪਟਿਆਲੇ ਵਿਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ।
ਭਗਤ ਸਿੰਘ ਬਾਰੇ ਇਹ ਦਸਤਾਵੇਜ਼ ਗਵਾਹੀਆਂ ਦੇਸ਼ ਦੇ ਕਿੰਨੇ ਹੀ ਸ਼ਹਿਰਾਂ, ਵਿਅਕਤੀਆਂ ਨਾਲ ਸਬੰਧਤ ਹਨ। ਵਾਅਦਾ ਮੁਆਫ਼ ਗਵਾਹ ਵੀ ਹਨ, ਸਰਕਾਰੀ ਸਿਪਾਹੀ, ਮੁਲਾਜ਼ਮ, ਜੱਜ, ਦੁਕਾਨਦਾਰ, ਹੋਟਲ ਮਾਲਕ, ਬੁਕਿੰਗ ਕਲਰਕ, ਨਾਈ, ਦਰਜੀ, ਧੋਬੀ ਤੇ ਹੋਰ। ਗਵਾਹੀਆਂ ਵਿਚਲੀ ਸਮੱਗਰੀ ਤੇ ਗਵਾਹਾਂ ਬਾਰੇ ਇਹ ਪੁਸਤਕ ਕਈ ਖੋਜ ਪ੍ਰਬੰਧਾਂ ਦਾ ਵਿਸ਼ਾ ਬਣ ਸਕਦੀ ਹੈ ਅਤੇ ਬਣਾਉਣੀ ਚਾਹੀਦੀ ਹੈ।
ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

No comments:

Post a Comment